11 ਅਗਸਤ,1644
ਸਾਈਂ ਮੀਆਂ ਮੀਰ ਜੀ ਦੀ ਮੁਕੱਦਸ ਰੂਹ ਬਾਰਗਾਹਿ ਇਲਾਹੀ ਲਈ ਕੂਚ ਕਰ ਗਈ
ਸਿੱਖ ਧਰਮ ਵਿਚ ਸਾਈਂ ਮੀਆਂ ਮੀਰ ਜੀ ਦਾ ਨਾਂ ਬਹੁਤ ਪਿਆਰ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ। ਆਪ ਉੱਚ ਕੋਟੀ ਦੇ ਮੁਸਲਿਮ ਸੂਫੀ ਫਕੀਰ ਹੋਏ ਹਨ। ਹਜ਼ਰਤ ਸਾਈਂ ਮੀਆਂ ਮੀਰ ਜੀ ਸੂਫ਼ੀ ਦਰਵੇਸ਼ ਸਨ। ਸਾਈਂ ਮੀਆਂ ਮੀਰ ਦਾ ਪੂਰਾ ਨਾਂਅ ਸ਼ੇਖ ਮੁਹੰਮਦ ਮੀਰ ਸੀ। ਅੱਗੇ ਆਪ ਮੀਆਂ ਜੀਉ, ਸ਼ਾਹ ਮੀਰ, ਖੁਆਜਾ ਮੀਰ, ਬਾਲਾ ਪੀਰ ਅਤੇ ਮੀਰ ਮੁਇਨੁਲ ਇਸਲਾਮ ਦੇ ਨਾਂਅ ਨਾਲ ਵੀ ਮਸ਼ਹੂਰ ਹੋਏ।
ਆਪ ਦੀ ਜਨਮ ਤਰੀਕ ਸਬੰਧੀ ਵਿਦਵਾਨ ਇਕਮੱਤ ਨਹੀਂ ਹਨ। ਡਾ: ਮੁਹੰਮਦ ਹਬੀਬ ਆਪਣੀ ਪੁਸਤਕ ‘ਸਾਈਂ ਮੀਆਂ ਮੀਰ’ ਵਿਚ ਆਪ ਦਾ ਜੀਵਨ ਸਮਾਂ 1531 ਤੋਂ 1634 ਲਿਖਦੇ ਹਨ।
ਡਾ: ਗੁਲਜ਼ਾਰ ਕੰਡਾ ਆਪਣੀ ਰਚਨਾ ‘ਸੂਫੀਮਤ ਸਿਲਸਿਲੇ ਅਤੇ ਸਾਧਕ’ ਵਿਚ ਸਾਈਂ ਜੀ ਦਾ ਜਨਮ 1550 ਤੋਂ 1636 ਲਿਖਦੇ ਹਨ।
ਆਪ ਦੇ ਪਿਤਾ ਦਾ ਨਾਂਅ ਕਾਜ਼ੀ ਦਿੱਤਾ ਅਤੇ ਦਾਦਾ ਦਾ ਨਾਂਅ ਕਾਜ਼ੀ ਕਲੰਦਰ ਫਾਰੂਕੀ ਸੀ। ਆਪ ਦੀ ਮਾਤਾ ਦਾ ਨਾਂਅ ਫਾਤਿਮਾ ਸੀ, ਜੋ ਕਾਜ਼ੀ ਕਾਦਨ ਦੀ ਸਪੁੱਤਰੀ ਸੀ, ਦੇ ਘਰ ਸਿੰਧ ਦੇ ਇਲਾਕੇ ਸੀਸਤਾਨ ਵਿਚ ਆਪ ,ਜੀ ਦਾ ਜਨਮ ਹੋਇਆ।
ਸਰੀਰਕ ਤੌਰ ‘ਤੇ ਸਾਈਂ ਜੀ ਦਰਮਿਆਨੇ ਕੱਦ ਦੇ ਖੂਬਸੂਰਤ ਇਨਸਾਨ ਸਨ। ਇਨ੍ਹਾਂ ਦਾ ਰੰਗ ਕਣਕ ਵੰਨਾ ਅਤੇ ਮੱਥਾ ਚੌੜਾ,ਦੁਬਲੇ ਪਤਲੇ ਸਨ।
ਬਚਪਨ ਵਿਚ ਹੀ ਪਿਤਾ ਦੇ ਪਿਆਰ ਤੋਂ ਮਰਹੂਮ ਹੋ ਗਏ ਸਨ। ਆਪ ਜੀ ਦੇ 3 ਭਰਾ ਮੁਹੰਮਦ ਬੋਲਾ, ਮੁਹੰਮਦ ਉਸਮਾਨ, ਮੁਹੰਮਦ ਤਾਹਿਰ ਤੇ 2 ਭੈਣਾਂ ਜ਼ਮਾਲ,ਖਾਤੂਨ ਤੇ ਜ਼ਾਮੀ ਮਾਦੀਆ ਸਨ। ਆਪ ਦਾ ਖਾਨਦਾਨੀ ਸਬੰਧ ਹਜ਼ਰਤ ਮੁਹੰਮਦ ਸਾਹਿਬ ਦੇ ਦੂਜੇ ਜਾਨਸ਼ੀਨ ਖ਼ਲੀਫਾ ਹਜ਼ਰਤ ਉਮਰ ਫਾਰੂਕ ਨਾਲ ਜਾ ਜੁੜਦਾ ਹੈ।
ਮੁੱਢਲੀ ਸਿੱਖਿਆ ਆਪ ਜੀ ਨੇ ਇੱਥੋਂ ਹੀ ਪ੍ਰਾਪਤ ਕੀਤੀ। 7 ਸਾਲ ਦੀ ਉਮਰ ਵਿਚ ਆਪ ਨੇ ਕੁਰਾਨ ਮਜੀਦ ਦੀ ਸਿੱਖਿਆ ਪ੍ਰਾਪਤ ਕਰ ਲਈ ਸੀ। ਵਿੱਦਿਆ ਪ੍ਰਾਪਤ ਕਰਨ ਤੋਂ ਇਕ ਸਾਲ ਤੱਕ ਸਰਹਿੰਦ ਵਿਚ ਰਹਿਣ ਤੋਂ ਬਾਅਦ ਆਪ ਲਾਹੌਰ ਵਾਪਸ ਆ ਗਏ। ਹਜ਼ਰਤ ਸਾਈਂ ਮੀਆਂ ਮੀਰ ਜੀ ਨੇ ਗ੍ਰਹਿਸਤ ਧਾਰਨ ਨਹੀਂ ਕੀਤਾ ਅਤੇ ਸਾਰੀ ਉਮਰ ਕੁੰਵਾਰੇ ਹੀ ਰਹੇ।
ਸਾਂਈ ਮੀਆਂ ਮੀਰ ਜੀ ਇੱਕ ਪਹੁੰਚੇ ਹੋਏ ਦਰਵੇਸ਼ ਸਨ। ਇੱਕ ਸ੍ਰੇਸ਼ਟ ਸੂਫੀ ਪੀਰ ਹੋਣ ਦੇ ਨਾਲ-ਨਾਲ ਉਹ ਇੱਕ ਉਚਕੋਟੀ ਦੇ ਇਨਸਾਨੀਅਤ ਪ੍ਰਸਤ ਵੀ ਸਨ। ਉਹ ਰੱਬੀ ਸ਼ਕਤੀਆਂ ਨਾਲ ਵਰੋਸਾਏ ਹੋਏ ਇਨਸਾਨੀਅਤ ਦੇ ਮੁਦਈ ਸਨ। ਉਨ੍ਹਾਂ ਦੀ ਇਸ ਖੂਬੀ ਦੇ ਕਾਰਨ ਹੀ ਉਨ੍ਹਾਂ ਦਾ ਰਾਜੇ-ਰੰਕ, ਮੁਸਲਮਾਨ ਅਤੇ ਹਿੰਦੂ ਇਕੋ ਜਿਹਾ ਪਿਆਰ ਤੇ ਸਤਿਕਾਰ ਕਰਦੇ ਸਨ।
ਉਨ੍ਹਾਂ ਦੀ ਨਿਡਰਤਾ ਨਾਲ ਖਰੀ-ਖਰੀ ਗੱਲ ਕਹਿਣ ਦੀ ਪ੍ਰਵਿਰਤੀ ਦਾ ਪ੍ਰਮਾਣ ਦਿੰਦਿਆਂ ਡਾ: ਇਕਬਾਲ ‘ਅਸਰਾਰਏ-ਖੁਦੀ’ ਵਿੱਚ ਲਿਖਦੇ ਹਨ ਕਿ ਇੱਕ ਵਾਰੀ ਸ਼ਹਿਨਸ਼ਾਹ ਸ਼ਾਹਜਹਾਨ, ਮੀਆਂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਅਤੇ ਮੀਆਂ ਮੀਰ ਜੀ ਨੂੰ ਬੇਨਤੀ ਕੀਤੀ ਕਿ ਉਹ ਖੁਦਾ ਦੇ ਹਜ਼ੂਰ ਵਿੱਚ ਗੋਲਕੁੰਡਾ ਅਤੇ ਬੀਜਾਪੁਰ ਦੀਆਂ ਮੁਹਿੰਮਾਂ ਦੀ ਫਤਹਿ ਲਈ ਦੁਆ ਕਰਨ। ਏਨੇ ਨੂੰ ਇੱਕ ਨਿਰਧਨ ਜਿਹਾ ਸ਼ਰਧਾਲੂ ਮੀਆਂ ਜੀ ਦੇ ਹਜ਼ੂਰ ਵਿੱਚ ਹਾਜ਼ਰ ਹੋਇਆ ਅਤੇ ਇੱਕ ਚਾਂਦੀ ਦਾ ਸਿੱਕਾ ਚਰਨੀਂ ਰੱਖ ਕੇ ਅਰਜ਼ ਕੀਤੀ ਕਿ ਹਜ਼ਰਤ ਉਸ ਸਿੱਕੇ ਨੂੰ ਕਬੂਲ ਕਰ ਲੈਣ, ਕਿਉਂਕਿ ਉਹ ਸਿੱਕਾ ਉਸ ਦੀ ਹਲਾਲ ਦੀ ਕਮਾਈ ਦਾ ਹੈ। ਮੀਆਂ ਮੀਰ ਜੀ ਨੇ ਉਸ ਗਰੀਬ ਸ਼ਰਧਾਲੂ ਨੂੰ ਕਿਹਾ ਕਿ ਉਹ ਆਪਣੀ ਹੱਕ-ਹਲਾਲ ਦੀ ਕਮਾਈ ਇਥੇ ਬੈਠੇ ਸ਼ਹਿਨਸ਼ਾਹ ਨੂੰ ਭੇਟ ਕਰ ਦੇਵੇ, ਕਿਉਂਕਿ ਉਸ ਨੂੰ ਇਸ ਸਿੱਕੇ ਦੀ ਵਧੇਰੇ ਲੋੜ ਹੈ। ਸ਼ਹਿਨਸ਼ਾਹ ਕੋਲ ਪੂਰੇ ਦੇਸ਼ ਦਾ ਖਜ਼ਾਨਾ ਹੈ, ਫਿਰ ਵੀ ਉਹ ਅੱਲਾਹ ਦੇ ਬੰਦਿਆਂ ਨੂੰ ਕਤਲ ਕਰਕੇ ਹੋਰ ਖਜ਼ਾਨਾ ਹਾਸਲ ਕਰਨਾ ਚਾਹੁੰਦਾ ਹੈ।
ਸ਼ਾਹਜਹਾਨ ਨੇ ਆਪਣੀ ਸਵੈ-ਜੀਵਨੀ ‘ਸ਼ਾਹ ਜਹਾਨ ਨਾਮਾ’ ਵਿੱਚ ਸਾਈਂ ਮੀਆਂ ਮੀਰ ਜੀ ਨੂੰ ਇੱਕ ਪ੍ਰਤਿਸ਼ਠ ਬ੍ਰਹਮ-ਗਿਆਨੀ ਦੱਸਿਆ ਹੈ। ਇਹ ਗੱਲ ਬਾਦਸ਼ਾਹ ਨੇ ਆਪਣੀ ਆਤਮਕਥਾ ਵਿੱਚ ਮੰਨੀ ਹੈ ਕਿ ਸਾਈਂ ਜੀ ਨੇ ਸ਼ਾਹ ਜਹਾਨ ਨੂੰ ਮਸ਼ਵਰਾ ਦਿੱਤਾ ਸੀ ਕਿ ਜੇਕਰ ਉਹ ਆਪਣੇ ਰਾਜ ਵਿੱਚ ਅਮਨ, ਸ਼ਾਂਤੀ ਅਤੇ ਸਕੂਨ ਕਾਇਮ ਰੱਖਣਾ ਚਾਹੁੰਦਾ ਹੈ ਤਾਂ ਉਹ ਲੋਕ ਭਲਾਈ ਦੇ ਕੰਮਾਂ ਵੱਲ ਵਧੇਰੇ ਧਿਆਨ ਦੇਵੇ, ਲੋਕਾਂ ਨਾਲ ਨਿਆਂ ਕਰੇ ਅਤੇ ਲੋਕਾਂ ਦਾ ਬਣ ਕੇ ਰਹੇ।
*ਸੂਫੀ ਪੀਰ ਸਾਈਂ ਮੀਆਂ ਮੀਰ ਜੀ ਪ੍ਰਤੀ ਡੂੰਘੀ ਸ਼ਰਧਾ ਦੇ ਕਈ ਕਾਰਨ ਹਨ :*
ਪਹਿਲਾ ਤਾਂ ਇਹ ਹੈ ਕਿ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ-ਪੱਥਰ ਸੰਨ 1588 ਵਿੱਚ ਸਾਈਂ ਮੀਆਂ ਮੀਰ ਜੀ ਪਾਸੋਂ ਰਖਵਾਇਆ ਸੀ।
ਦੂਜਾ ਕਾਰਨ ਇਹ ਹੈ ਕਿ ਜਿਸ ਸਮੇਂ ਲਾਹੌਰ ਵਿੱਚ ਸ਼ਾਹੀ ਹੁਕਮਾਂ ਅਨੁਸਾਰ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਅਸਹਿ ਤੇ ਘੋਰ ਤਸੀਹੇ ਦਿੱਤੇ ਜਾ ਰਹੇ ਸਨ, ਉਸ ਵੇਲੇ ਵੀ ਇਕੋ-ਇਕ ਮੁਸਲਮਾਨ ਸੂਫੀ ਪੀਰ ਸਾਈਂ ਮੀਆਂ ਮੀਰ ਜੀ ਨੇ ਉਸ ਅਮਾਨਵੀ ਅਤੇ ਘਿਨਾਉਣੇ ਦੁਸ਼ਟ-ਕਰਮ ਵਿਰੁੱਧ ਹਾਅ ਦਾ ਨਾਅਰਾ ਮਾਰਿਆ ਸੀ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਮੇਂ ਸਾਈਂ ਜੀ ਗੁਰੂ ਜੀ ਨੂੰ ਮਿਲਣ ਗਏ। ਕਿਹਾ ਜਾਂਦਾ ਹੈ ਕਿ ਬੜੇ ਹੀ ਦੁਖੀ ਹਿਰਦੇ ਨਾਲ ਉਨ੍ਹਾਂ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮੈਨੂੰ ਇਜਾਜ਼ਤ ਦੇਵੋ ਕਿ ਰੱਬੀ ਕਿਰਪਾ ਨਾਲ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੇਵਾਂ। ਜਿਸ ਸ਼ਹਿਰ ਵਿਚ ਏਨੇ ਜ਼ੁਲਮ ਹੋਣ, ਉਸ ਦਾ ਨਸ਼ਟ ਹੋ ਜਾਣਾ ਹੀ ਠੀਕ ਹੈ। ਸਾਈਂ ਮੀਆਂ ਮੀਰ ਜੀ ਦੀਆਂ ਗੱਲਾਂ ਸੁਣ ਕੇ ਗੁਰੂ ਅਰਜਨ ਦੇਵ ਜੀ ਨੇ ਫ਼ਰਮਾਇਆ ਕਿ ਸਾਈਂ ਜੀ ਧੀਰਜ ਰੱਖੋ।
ਤੀਜੀ ਵਜ੍ਹਾ ਇਹ ਹੈ ਕਿ ਸਾਈਂ ਮੀਆਂ ਮੀਰ ਜੀ ਹੁਰਾਂ ਨੇ ਕਈ ਵਾਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸੰਗ ਕੀਤਾ ਸੀ।ਮੀਆਂ ਮੀਰ ਜੀ ਨੇ ਹੀ ਬਾਦਸ਼ਾਹ ਦੇ ਮਨੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਤੀ ਪੈਦਾ ਹੋਈਆਂ ਗਲਤ ਫਹਿਮੀਆਂ ਦੂਰ ਕੀਤੀਆਂ। ਗਵਾਲੀਅਰ ਦੇ ਕਿਲੇ ਚ ਸਭ ਰਾਜੇ ਗੁਰੂ ਜੀ ਦੀ ਸ਼ਰਨ ਵਿੱਚ ਆ ਚੁੱਕੇ ਸਨ। ਜਦ ਉਨ੍ਹਾਂ ਰਾਜਿਆ ਨੂੰ ਗੁਰੂ ਹਰਿਗੋਬਿੰਦ ਜੀ ਦੀ ਰਿਹਾਈ ਦੀ ਸੂਚਨਾ ਮਿਲੀ, ਤਦੋਂ ਉਨ੍ਹਾਂ ਰਾਜਿਆਂ ਵਿੱਚ ਨਿਰਾਸ਼ਾ ਪੈਦਾ ਹੋ ਗਈ ਸੀ, ਜਿਸ ਨੂੰ ਦੇਖ ਕੇ ਗੁਰੂ ਜੀ ਨੇ ਰਾਜਿਆਂ ਤੋਂ ਬਿਨਾਂ ਕਿਲ੍ਹੇ ਵਿਚੋਂ ਇਕੱਲੇ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਜਹਾਂਗੀਰ ਨੂੰ ਮਜਬੂਰ ਹੋ ਕੇ ਉਨ੍ਹਾਂ ਰਾਜਿਆਂ ਦੀ ਰਿਹਾਈ ਦੇ ਫ਼ਰਮਾਨ ਵੀ ਜਾਰੀ ਕਰਨੇ ਪਏ ਸਨ। ਇਸ ਤਰ੍ਹਾਂ ਗੁਰੂ ਹਰਿਗੋਬਿੰਦ ਸਾਹਿਬ 51 ਰਾਜਿਆਂ ਸਮੇਤ ਅਕਤੂਬਰ 1621 ਨੂੰ ਗਵਾਲੀਅਰ ਦੇ ਕਿਲ੍ਹੇ ਵਿਚੋਂ ਬਾਹਰ ਪਧਾਰੇ ਸਨ।
ਚੌਥਾ ਕਾਰਨ ਇਹ ਹੈ ਕਿ ਸਾਈਂ ਮੀਆਂ ਮੀਰ ਜੀ ਹੁਰੀਂ ਇੱਕ ਰੱਬੀ ਪੀਰ ਸਨ (ਪੰਜਾਬੀ ਦੇ ਸੂਫ਼ੀ ਸ਼ਾਇਰ ਲੇਖਿਕਾ ਡਾ: ਲਾਜਵੰਤੀ ਰਾਮ ਕ੍ਰਿਸ਼ਨ, ਪਹਿਲੀ ਪ੍ਰਕਾਸ਼ਨਾ ਸੰਨ 1935) ਪ੍ਰਸਿੱਧ ਇਤਿਹਾਸਕਾਰ ਲਤੀਫ਼ ਨੇ ਆਪਣੀ ਪੁਸਤਕ ਹਿਸਟਰੀ ਆਫ ਲਾਹੌਰ ਦੇ ਪੰਨਾ 256 ਉਪਰ ਪੀਰ ਸਾਈਂ ਮੀਆਂ ਮੀਰ ਜੀ ਬਾਰੇ ਇੱਕ ਹੋਰ ਮਹੱਤਵਪੂਰਨ ਘਟਨਾ ਅੰਕਿਤ ਕੀਤੀ ਹੋਈ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਲਾਹੌਰ ਦੇ ਇੱਕ ਕਾਜ਼ੀ ਦੀ ਰਿਸ਼ਤੇਦਾਰ ਇੱਕ ਔਰਤ ਗੁਰੂ ਜੀ ਦੀ ਸਿੱਖਿਆ ਅਤੇ ਪ੍ਰਵਚਨਾਂ ਤੋਂ ਪ੍ਰਭਾਵਿਤ ਹੋ ਕੇ ਸਿੱਖ ਧਰਮ ਕਬੂਲ ਕਰਨਾ ਚਾਹੁੰਦੀ ਸੀ। ਉਹ ਔਰਤ ਸਾਈਂ ਮੀਆਂ ਮੀਰ ਜੀ ਪਾਸ ਹਾਜ਼ਰ ਹੋਈ ਅਤੇ ਆਪਣੇ ਮਨ ਦੀ ਗੱਲ ਉਨ੍ਹਾਂ ਨੂੰ ਦੱਸੀ। ਸਾਰੀ ਗੱਲ ਸੁਣ ਕੇ ਸਾਈਂ ਜੀ ਨੇ ਉਸ ਇਸਤਰੀ ਨੂੰ ਗੁਰੂ ਜੀ ਪਾਸ ਘੱਲ ਦਿੱਤਾ ਸੀ ਤਾਂ ਜੋ ਉਸ ਦੀ ਦਿਲੀ ਇੱਛਾ ਪੂਰੀ ਹੋ ਸਕੇ।
ਸਿੱਖ ਧਾਰਮਿਕ ਇਤਿਹਾਸ ਵਿੱਚ ਇਹ ਸ਼ਰਧਾਲੂ ਇਸਤਰੀ ਮਾਤਾ ਕੌਲਾਂ ਜੀ ਕਰਕੇ ਜਾਣੀ ਜਾਂਦੀ ਹੈ। ਸਾਈਂ ਮੀਆਂ ਮੀਰ ਜੀ ਇੱਕ ਉਚ ਦਰਜੇ ਦੇ ਮਾਨਵ ਅਤੇ ਮਾਨਵਤਾ- ਪੱਖੀ ਪੀਰ ਸਨ।
ਜਦ ਬੁਢਾਪੇ ਕਾਰਨ ਆਪ ਜੀ ਬਹੁਤ ਕਮਜ਼ੋਰ ਹੋ ਗਏ ਤਾਂ ਆਪ ਜੀ ਨੂੰ ਭਿਆਨਕ ਬਿਮਾਰੀ ਨੇ ਘੇਰ ਲਿਆ।
*5 ਦਿਨ ਬਿਮਾਰ ਰਹਿਣ ਮਗਰੋਂ ਅੱਜ ਦੇ ਦਿਨ 11 ਅਗਸਤ,1644 ਨੂੰ ਇਸ ਜਹਾਨੋਂ ਆਪ ਦੀ ਮੁਕੱਦਸ ਰੂਹ ਬਾਰਗਾਹਿ ਇਲਾਹੀ ਲਈ ਕੂਚ ਕਰ ਗਈ।*
ਆਪ ਜੀ ਦੇ ਚਰਨਾਂ ਵਿੱਚ ਨਮਸਕਾਰ ਹੈ ਜੀ।
No comments:
Post a Comment